ਜਗਸੀਰ ਸਿੰਘ ਸੰਧੂ
ਬਰਨਾਲਾ , 8 ਮਾਰਚ
ਫਿਰੌਤੀ ਲੈਣ ਦੀਆਂ ਝੂਠੀਆਂ ਕਾਲਾਂ ਕਰਵਾਕੇ ਸੁਰੱਖਿਆ (ਗੰਨਮੈਨ) ਲੈਣ ਦੀ ਯੋਜਨਾ ਬਣਾ ਰਹੇ ਭੱਠਾ ਮਾਲਕ ਨੂੰ ਬਰਨਾਲਾ ਪੁਲਸ ਨੇ ਪਹਿਲਾਂ ਹੀ ਦਬੋਚ ਲਿਆ। ਐੱਸ.ਐੱਸ.ਪੀ ਬਰਨਾਲਾ ਸਰਫਰਾਜ਼ ਆਲਮ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਅਜੀਬੋ ਗਰੀਬ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਮਾਰਚ 2026 ਨੂੰ ਬਰਨਾਲਾ ਪੁਲਸ ਨੂੰ ਇੱਕ ਇਤਲਾਹ ਮਿਲੀ ਕਿ ਬਰਨਾਲਾ ਦੇ ਇੱਕ ਭੱਠਾ ਮਾਲਕ ਸਿਵਮ ਮਿੱਤਲ ਨੂੰ ਇੱਕ ਗਰੋਹ ਕਾਲਾਂ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਹੈ ਤਾਂ ਪੁਲਸ ਨੇ ਇਸ ਮਾਮਲੇ ਦੀ ਟੈਕਨੀਕਲ ਢੰਗ ਅਤੇ ਆਪਣੇ ਸੋਰਸਾਂ ਰਾਹੀਂ ਜਾਂਚ ਸੁਰੂ ਕਰ ਦਿੱਤੀ। ਜਿਲ੍ਹਾ ਪੁਲਸ ਮੁਖੀ ਸਰਫਰਾਜ ਆਲਮ ਨੇ ਦੱਸਿਆ ਕਿ ਐੱਸ.ਪੀ ਅਸ਼ੋਕ ਕੁਮਾਰ ਅਤੇ ਡੀ.ਐੱਸ.ਪੀ ਡੀ ਰਾਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਅਤੇ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਕੀਤੀ ਗਈ ਪੜਤਾਲ ਵਿੱਚ ਨਿਕਲਿਆ ਕਿ ਭੱਠਾ ਮਾਲਕ ਸ਼ਿਵਮ ਮਿੱਤਲ ਨੇ ਫੇਮ ਪਾਉਣ ਲਈ ਅਤੇ ਇਸ ਬਹਾਨੇ ਸੁਰੱਖਿਆ (ਗੰਨਮੈਨ) ਹਾਸਲ ਕਰਨ ਲਈ ਖੁਦ ਹੀ ਇਹ ਸਾਰਾ ਤਾਣਾਬਾਣ ਬੁਣਿਆ ਹੈ।



