41 C
Punjab
Friday, July 17, 2026

ਸਿਆਸੀ ਘੁਣਤਰ – ‘ਬੱਲੇ ਉਏ ਚਲਾਕ ਸੱਜਣਾਂ’

ਪੰਜਾਬੀ ਦੀ ਅਖਾਣ ਹੈ ਕਿ “ਖੂਹ ਪੁੱਟੇ ਕੋਈ, ਪਾਣੀ ਪੀਵੇ ਕੋਈ” ਜਾਂ “ਅਸੀਂ ਸਾਰੀ ਉਮਰ ਖੂਹ ਪੁੱਟਦੇ ਰਹੇ, ਪਾਣੀ ਕੋਈ ਹੋਰ ਹੀ ਪੀ ਰਹੇ ਨੇ।” ਭਾਵ ਮਿਹਨਤ ਕੋਈ ਹੋਰ ਕਰਦਾ ਰਿਹਾ ਅਤੇ ਉਸ ਦੀ ਮਿਹਨਤ ਦਾ ਮੁੱਲ ਕੋਈ ਹੋਰ ਹੀ ਲੈ ਗਿਆ। ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ “ਲੋਕ ਮਿਲਣੀ” ਦੌਰਾਨ ਕੁੱਝ ਇਸ ਤਰ੍ਹਾਂ ਹੀ ਹੋਇਆ ਹੈ। ਵੱਡਾ ਪਿੰਡ ਹੋਣ ਕਰਕੇ ਮਹਿਲ ਕਲਾਂ ਦੀਆਂ ਦੋ ਪੰਚਾਇਤਾਂ ਹਨ, ਇੱਕ “ਮਹਿਲ ਕਲਾਂ ਸੋਢੇ ਦੀ ਪੰਚਾਇਤ” ਹੈ ਅਤੇ ਦੂਸਰੀ “ਮਹਿਲ ਕਲਾਂ ਦੀ ਪੰਚਾਇਤ” ਹੈ। ਪਿੰਡ ਮਹਿਲ ਕਲਾਂ ਸੋਢੇ ਦੇ ਬਾਬਾ ਜੰਗ ਸਿੰਘ ਪਾਰਕ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੱਖੀ “ਲੋਕ ਮਿਲਣੀ” ਦੀ ਸਾਰੀ ਜ਼ਿੰਮੇਵਾਰੀ ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਸੰਭੂ ਨੇ ਆਪਣੇ ਸਿਰ ਲਈ ਅਤੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਸਿਰੇ ਚਾੜਨ ਲਈ ਕਈ ਲੱਖ ਰੁਪਏ ਉਸਨੇ ਆਪਣੇ ਪੱਲਿਉਂ ਖਰਚ ਕਰ ਦਿੱਤੇ। ਇਸ ਲੋਕ ਮਿਲਣੀ ਦੇ ਪ੍ਰਬੰਧਾਂ ਲਈ ਪਹੁੰਚੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਲਈ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਆਪਣੇ ਘਰ ਦੋ ਦਿਨ ਹਲਵਾਈ ਲਗਾ ਰੱਖੇ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਲੋਕ ਮਿਲਣੀ’ ਪ੍ਰੋਗਰਾਮ ਦੇ ਅਖੀਰ ਵਿੱਚ ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦਾ ਚੈੱਕ ਪਿੰਡ ਦੀ ਦੂਸਰੀ ਪੰਚਾਇਤ ਭਾਵ “ਮਹਿਲ ਕਲਾਂ ਪੰਚਾਇਤ” ਦੀ ਸਰਪੰਚ ਕਿਰਨਾਂ ਰਾਣੀ ਅਤੇ ਉਸਦੇ ਪੁੱਤਰ ਅਰੁਣ ਕੁਮਾਰ ਅੱਪੂ ਹੋਰਾਂ ਨੂੰ ਸੌਂਪ ਦਿੱਤਾ। ਉਧਰ ਇਸ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੰਚ ‘ਤੇ ਵਿਧਾਇਕ ਪੰਡੋਰੀ ਅਤੇ ਉਸਦੇ ਦੋ ਨਿੱਜੀ ਸਹਾਇਕਾਂ ਤੋਂ ਇਲਾਵਾ ਬਰਨਾਲਾ ਹਲਕੇ ਦੇ ਸਾਰੇ ਆਗੂ ਹੀ ਸ਼ਸ਼ੋਭਿਤ ਸਨ, ਜਦੋਂਕਿ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਸਮੇਤ ਹਲਕਾ ਮਹਿਲ ਕਲਾਂ ਦੇ ਸਾਰੇ ਪ੍ਰਮੁੱਖ ਆਗੂ ਹੇਠਾਂ ਪੰਡਾਲ ਵਿੱਚ ਬਿਠਾਏ ਗਏ। ਹੁਣ ਜਿਥੇ ਸਰਪੰਚ ਸਰਬਜੀਤ ਸਿੰਘ ਸ਼ੰਭੂ ਸਮੇਤ ਮਹਿਲ ਕਲਾਂ ਸੋਢੇ ਦੀ ਪੰਚਾਇਤ 51 ਲੱਖ ਰੁਪਏ ਦਾ ਚੈੱਕ ਦੂਸਰੀ ਪੰਚਾਇਤ ਨੂੰ ਦੇਣ ਕਰਕੇ ਸਖਤ ਨਰਾਜ਼ਗੀ ਪ੍ਰਗਟ ਕਰ ਰਿਹਾ ਹੈ, ਉਥੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਸਮੇਤ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਆਗੂ ਵੀ ਇਸ ਗੱਲ ਲਈ ਨਰਾਜ਼ਗੀ ਪ੍ਰਗਟ ਕਰ ਰਹੇ ਹਨ ਕਿ ਉਹਨਾਂ ਦੀ ਥਾਂ ਮੁੱਖ ਮੰਤਰੀ ਦੇ ਮੰਚ ‘ਤੇ ਹਲਕਾ ਬਰਨਾਲੇ ਵਾਲਿਆਂ ਦੀ ਸਰਦਾਰੀ ਕਿਉਂ ਰਹੀ।
ਪਿਆਰੇ ਪਾਠਕੋ ! ਕਿਤੇ ਹੁਣ ਤੁਸੀਂ ਇਹ ਨਾ ਕਹਿ ਦਿਓ ਕਿ ਪੂਰਾ ਸਿਆਸੀ ਖਿਡਾਰੀ ਬਣ ਚੁੱਕਿਆ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹੁਣ ਦੋਵੇਂ ਪੰਚਾਇਤਾਂ ਨੂੰ ਚੈੱਕ ਦੀ ਰਕਮ ਅੱਧੋ-ਅੱਧੀ ਕਰਵਾ ਕੇ ਅਤੇ ਮੰਚ ਦਾ ਕੰਟਰੋਲ ਮੁੱਖ ਮੰਤਰੀ ਦੀ ਹਾਈ ਸਕਿਉਰਟੀ ਕੋਲ ਹੋਣ ਦਾ ਬਹਾਨਾ ਬਣਾ ਕੇ ਸਰਪੰਚ ਸਰਬਜੀਤ ਸਿੰਘ ਸੰਭੂ ਅਤੇ ਚੇਅਰਮੈਨ ਸੁਖਵਿੰਦਰ ਦਾਸ ਤੇ ਹੋਰ ਆਗੂਆਂ ਦੀ ਨਰਾਜ਼ਗੀ ਵੀ ਦੂਰ ਕਰ ਲਵੇਗਾ।
ਜਗਸੀਰ ਸਿੰਘ ਸੰਧੂ : 98764 – 16009

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles