ਜਗਸੀਰ ਸਿੰਘ ਸੰਧੂ
ਬਰਨਾਲਾ ਵਿੱਚ ਪੁਲਿਸ ਵੱਲੋਂ ਸਫ਼ਾਈ ਸੇਵਕਾਂ ‘ਤੇ ਕੀਤੇ ਤਸ਼ੱਦਦ ਦੌਰਾਨ ਫੱਟੜ ਹੋਏ ਸਫ਼ਾਈ ਸੇਵਕਾਂ ਦਾ ਪਤਾ ਲੈਣ ਲਈ ਅਤੇ ਸਫ਼ਾਈ ਸੇਵਕਾਂ ਦੇ ਧਰਨੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂ ਪਹੁੰਚ ਰਹੇ ਹਨ। ਇਥੇ ਆ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਰੱਜ ਕੇ ਭੜਾਸ ਕੱਢਦੇ ਹਨ ਅਤੇ ਆਪਣੀ ਸਰਕਾਰ ਬਣਨ ‘ਤੇ ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਐਲਾਨ ਕਰਦੇ ਹਨ। ਸ਼ਾਇਦ ਇਹ ਸਿਆਸੀ ਆਗੂ ਆਪਣੇ ਪਿਛਲੇ ਰਾਜਕਾਲ ਸਮੇਂ ਲੋਕਾਂ ‘ਤੇ ਪੁਲਿਸ ਤਸ਼ੱਦਦ ਨੂੰ ਭੁੱਲ ਜਾਂਦੇ ਹਨ ਜਾਂ ਫਿਰ ਇਹ ਸਮਝਦੇ ਹਨ ਕਿ ਲੋਕ ਭੁੱਲ ਚੁੱਕੇ ਹਨ। ਹੁਣ ਸੁਖਬੀਰ ਸਿੰਘ ਬਾਦਲ ਵੀ ਬਰਨਾਲਾ ਆ ਕੇ ਸਫਾਈ ਸੇਵਕਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਟੰਗਣ ਦੀਆਂ ਗੱਲਾਂ ਕਰਦੇ ਹਨ, ਜਦੋਂ ਕਿ 2015 ਵਿੱਚ ਬਾਦਲ ਸਰਕਾਰ ਨੇ ਵੀ ਕੋਟਕਪੂਰਾ ਬੱਤੀਆਂ ਵਾਲੇ ਚੌਂਕ ਅਤੇ ਬਹਿਬਲ ਕਲਾਂ ਵਿੱਚ ਇਹੀ ਕੁੱਝ ਕੀਤਾ ਸੀ, ਉਦੋਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਿਹ ਮੰਤਰੀ ਸਨ ਅਤੇ ਉਹਨਾਂ ਦੀ ਅਣਪਛਾਤੀ ਪੁਲਸ ਤਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾਂ ਲੋਕਾਂ ਨੂੰ ਕੁੱਟ ਕੁੱਟ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ। ਬੱਤੀਆਂ ਵਾਲੇ ਚੌਂਕ ਵਿੱਚ ਤਾਂ ਅੰਮ੍ਰਿਤ ਵੇਲੇ ਨਿਤਨੇਮ ਕਰ ਰਹੀਆਂ ਸਿੱਖ ਸੰਗਤਾਂ ‘ਤੇ ਗੰਦੇ ਪਾਣੀ ਦੀ ਬੁਛਾੜਾਂ ਮਾਰਦਿਆਂ ਅੰਨੇਵਾਹ ਲਾਠੀਚਾਰਜ ਕੀਤਾ ਸੀ। ਹੁਣ ਉਹੀ ਕੁੱਝ ਭਗਵੰਤ ਮਾਨ ਦੀ ਸਰਕਾਰ ਬਰਨਾਲਾ ਵਿੱਚ ਸਫ਼ਾਈ ਸੇਵਕਾਂ ਨਾਲ ਕੀਤਾ ਹੈ। ਉਦੋਂ ਭਗਵੰਤ ਮਾਨ ਹੋਰੀਂ ਬਾਦਲ ਸਰਕਾਰ ਨੂੰ ਜ਼ਾਲਮ ਸਰਕਾਰ ਦੱਸਦੇ ਸੀ, ਹੁਣ ਸੁਖਬੀਰ ਸਿੰਘ ਬਾਦਲ ਹੋਰੀਂ ਭਗਵੰਤ ਮਾਨ ਸਰਕਾਰ ਨੂੰ ਜ਼ਾਲਮ ਦੱਸ ਰਹੇ ਹਨ। ਪਿਆਰੇ ਪਾਠਕੋ ! ਹੁਣ ਇਹ ਨਾ ਕਹਿ ਦਿਓ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ, ਉਸ ਦਾ ਕੰਮ ਲੋਕਾਂ ਨੂੰ ਕੁੱਟਣਾ ਹੀ ਹੁੰਦਾ ਹੈ ਅਤੇ ਜਨਤਾ ਦੀ ਕਿਸਮਤ ਵਿੱਚ ਸਰਕਾਰਾਂ ਤੋਂ ਕੁੱਟ ਖਾਣੀ ਹੀ ਲਿਖੀ ਗਈ ਹੈ।