30.8 C
Punjab
Monday, September 21, 2026

ਹੁਣ ਕੌਮ ਨੂੰ ਜਵਾਬਦੇਹ ਕੌਣ ?

ਜਗਸੀਰ ਸਿੰਘ ਸੰਧੂ
ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ’ਤੇ ਜਿਨਸੀ ਸ਼ੋਸਣ ਦੇ ਲਾਏ ਇਲਜਾਮਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਮਰਜੀਤ ਸਿੰਘ ਚਾਵਲਾ, ਦਰਬਾਰ ਸਾਹਿਬ ਦੇ ਐਡੀਸ਼ਨਲ ਗ੍ਰੰਥੀ ਮਲਕੀਤ ਸਿੰਘ ਅਤੇ ਡਰਾਇਵਰ ਮੋਹਨ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਮਰਜੀਤ ਸਿੰਘ ਚਾਵਲਾ, ਗ੍ਰੰਥੀ ਮਲਕੀਤ ਸਿੰਘ ਅਤੇ ਡਰਾਇਵਰ ਮੋਹਨ ਸਿੰਘ ਪੰਥ ਵਿਚੋਂ ਛੇਕਣ ਨਾਲ ਇਹ ਮਾਮਲਾ ਖਤਮ ਹੋ ਜਾਵੇਗਾ? ਕੀ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਬਾਕੀ ਆਹੁਦੇਦਾਰਾਂ ਅਤੇ ਅਧਿਕਾਰੀਆਂ ਦੀ ਕੋਈ ਜਿੰਮੇਵਾਰੀ ਤੈਅ ਨਹੀਂ ਹੋਵੇਗੀ? ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਵਿੱਚ ਉਕਤ ਬੀਬੀ ਨੂੰ ਲੰਬਾ ਸਮਾਂ ਕਿਉਂ ਰੱਖਿਆ ਗਿਆ? ਜਦੋਂਕਿ ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਵੱਲੋਂ ਇੱਕਲੀ ਬੀਬੀ ਨੂੰ ਤਾਂ ਕਿਸੇ ਸਰ੍ਹਾਂ ਵਿੱਚ ਕਮਰਾ ਤੱਕ ਨਹੀਂ ਦਿੱਤਾ ਜਾਂਦਾ। ਕਈ ਮਹੀਨੇ ਵੱਖ-ਵੱਖ ਸਰਾਵਾਂ ਵਿੱਚ ਉਕਤ ਬੀਬੀ ਨੂੰ ਰਹਿਣ ਦੀ ਕਮਰੇ ਦੇਣ ਦੇ ਨਾਲ-ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਇੱਕ ਸੇਵਾਦਾਰ ਦੇਣਾ, ਉਸ ਨੂੰ ਗੱਡੀ ਅਤੇ ਡਰਾਇਵਰ ਦੇਣਾ ਬਹੁਤ ਸਾਰੇ ਅਜਿਹੇ ਸਵਾਲ ਹਨ, ਜਿਹਨਾਂ ਦਾ ਜਵਾਬ ਸਿੱਖ ਕੌਮ ਨੂੰ ਦੇਣਾ ਪਵੇਗਾ। ਪਿਛਲੇ ਸਮੇਂ ਦੌਰਾਨ 328 ਸਰੂਪਾਂ ਦੇ ਮਾਮਲੇ ਸਮੇਤ ਸਾਹਮਣੇ ਆਏ ਕਈ ਹੋਰ ਮਾਮਲਿਆਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧੜੱਲੇ ਨਾਲ ਇਹ ਕਿਹਾ ਗਿਆ ਹੈ ਕਿ ਸ੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਇਹਨਾਂ ਸਾਰੇ ਮਾਮਲਿਆਂ ਦੀ ਆਪਣੇ ਤੌਰ ’ਤੇ ਜਾਂਚ ਕਰਨ ਦੇ ਸਮਰੱਥ ਹੈ, ਪੰਜਾਬ ਸਰਕਾਰ ਨੂੰ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ, ਪਰ ਹੁਣ ਜਦੋਂ ਸਿੱਖ ਕੌਮ ਦੀ ਮਾਣ ਮਰਿਯਾਦਾ ਨਾਲ ਜੁੜਿਆ ਇਹ ਬਹੁਤ ਵੱਡਾ ਅਤੇ ਸੰਵੇਨਸ਼ੀਲ ਮਾਮਲਾ ਸਾਹਮਣੇ ਆਇਆ ਹੈ ਤਾਂ ਹੁਣ ਇਸ ਦੀ ਪੂਰੀ ਗਹਿਰਾਈ ਨਾਲ ਜਾਂਚ ਕਰਨ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਵਿੱਚ ‘ਗਾਰਡੀਅਨ’ ਸਬਦ ਨੂੰ ਲੈ ਕੇ ਸਖਤ ਵਿਰੋਧ ਕੀਤਾ ਗਿਆ ਹੈ, ਕਿ ਕਿਸੇ ਦੀ ਜਿੰਮੇਵਾਰੀ ਤੈਅ ਕਰਨਾ ਗਲਤ ਹੈ, ਪਰ ਹੁਣ ਤਖਤ ਸਾਹਿਬ ਦੀਆਂ ਸਰ੍ਹਾਵਾਂ ਵਿੱਚ ਹੋਏ ਕੁਕਰਮਾਂ ਦੀ ਜਿੰਮੇਵਾਰੀ ਕਿਸ ਦੇ ਸਿਰ ਤੈਅ ਕੀਤੀ ਜਾਵੇਗੀ। ਕੀ ਇਹਨਾਂ ਸਰ੍ਹਾਵਾਂ ਦੀ ‘ਗਾਰਡੀਅਨ’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ? ਦੂਸਰੇ ਪਾਸੇ ਇਲਜਾਮ ਲਾਉਣ ਵਾਲੀ ਬੀਬੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਭਾਵੇਂ ਸਾਰੇ ਮਾਮਲੇ ਨੂੰ ਸਪੱਸ਼ਟ ਕੀਤਾ ਹੈ, ਪਰ ਉਕਤ ਬੀਬੀ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਉਠਦੇ ਹਨ, ਕਿ ਉਸ ਨੂੰ ਬਹਿਰੀਨ ਤੋਂ ਭਾਰਤ ਵਿੱਚ ਕੌਣ ਲੈ ਕੇ ਆਇਆ? ਕਿਸ ਮਕਸਦ ਨਾਲ ਉਸ ਨੂੰ ਵੱਖ-ਵੱਖ ਸਰ੍ਹਾਵਾਂ ਵਿੱਚ ਕਈ ਮਹੀਨੇ ਤੱਕ ਠਹਿਰਾਇਆ ਗਿਆ? ਉਸ ਨੂੰ ਸੇਵਾਦਾਰ, ਗੱਡੀ ਅਤੇ ਡਰਾਇਵਰ ਕਿਉਂ ਦਿੱਤਾ ਗਿਆ ਅਤੇ ਸਭ ਤੋਂ ਅਹਿਮ ਸਵਾਲ ਕਿ ਉਸ ਨੇ ਲੰਬਾ ਸਮਾਂ ਇਸ ਮਾਮਲੇ ਸਬੰਧੀ ਚੁੱਪ ਕਿਉਂ ਧਾਰੀ ਰੱਖੀ? ਉਕਤ ਬੀਬੀ ਵੱਲੋਂ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਰਾ ਕੁੱਝ ਦੱਸਣ ਦੀ ਗੱਲ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕਹਿਣਾ ਕਿ ਹੋ ਸਕਦਾ ਹੈ ਕਿ ਉਕਤ ਬੀਬੀ ਉਹਨਾਂ ਨੂੰ ਮਿਲੀ ਹੋਵੇ, ਕਿਉਂਕਿ ਉਹਨਾਂ ਨੂੰ ਰੋਜ਼ਾਨਾ ਅਨੇਕਾਂ ਲੋਕ ਮਿਲਦੇ ਹਨ? ਇਹ ਵੀ ਵੱਡੇ ਸਵਾਲ ਪੈਦਾ ਕਰਦਾ ਹੈ ਕਿ ਜੇਕਰ ਕਿਸੇ ਇੱਕ ਬੀਬੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਕੋਲ ਸ੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ’ਤੇ ਜਿਣਸੀ ਸ਼ੋਸਣ ਦੇ ਵੱਡੇ ਇਲਜਾਮ ਲਗਾਏ ਹੋਣ ਅਤੇ ਗ੍ਰੰਥੀ ਮਲਕੀਤ ਸਿੰਘ ਬਾਰੇ ਦੱਸਿਆ ਹੋਵੇ ਤਾਂ ਕੀ ਜਥੇਦਾਰ ਸਾਬ੍ਹ ਵੱਲੋਂ ਉਸ ਨੂੰ ਅਣਗੌਲਿਆਂ ਕਰਨਾ ਜਾਇਜ਼ ਮੰਨਿਆ ਜਾ ਸਕਦਾ ਹੈ? ਸੋ ਇਹ ਬਹੁਤ ਵੱਡੇ ਸਵਾਲ ਹਨ, ਜਿਹਨਾਂ ਦੇ ਜਵਾਬ ਗਾਹੇ ਬਗਾਹੇ ਪੰਥ ਦੀ ਕਚਹਿਰੀ ਵਿੱਚ ਦੇਣੇ ਹੀ ਪੈਣਗੇ। ਕਿਉਂਕਿ ਇਹ ਘਟਨਾ ਵੀ ਇਤਿਹਾਸ ਵਿੱਚ ਸਾਕਾ ਨਨਕਾਣਾ ਸਾਹਿਬ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਤਰ੍ਹਾਂ ਦਰਜ ਹੋ ਗਈ ਹੈ। ਇਸ ਲਈ ਤਤਕਾਲੀ ਜਥੇਦਾਰ ਸਾਹਿਬਾਨ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਦੀ ਪੂਰੀ ਗਹਿਰਾਈ ਜਾਂਚ ਕਰਵਾ ਕੇ ਸਾਰਾ ਸੱਚ ਸਿੱਖ ਕੌਮ ਦੇ ਅੱਗੇ ਰੱਖਣਾ ਚਾਹੀਦਾ ਹੈ।
ਮੋਬਾਇਲ : 98764-16009

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles