ਜਗਸੀਰ ਸਿੰਘ ਸੰਧੂ
ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਪੰਜ ਦਿਨ ਪਹਿਲਾਂ ਅਕਾਲੀ ਦਲ ਵਾਰਸ ਵਾਰਸ ਪੰਜਾਬ ਵਿੱਚ ਸ਼ਾਮਲ ਹੋਏ। ਇਸ ਉਪਰੰਤ ਨਿਰੰਜਨ ਸਿੰਘ ਦੀਆਂ ਇੱਕ ਦੋ ਇੰਟਰਵਿਊਜ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ, ਜਿਸ ਵਿਚ ਨਿਰੰਜਨ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਕੀਤੀਆਂ, ਜਿਸ ਨਾਲ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦੀ ਸਮੁੱਚੀ ਹਾਈਕਮਾਂਡ ਲਈ ਅਜਿਹੇ ਸਵਾਲ ਖੜ੍ਹੇ ਹੋ ਗਏ, ਜਿਹਨਾਂ ਦੇ ਜਵਾਬ ਪੰਥਕ ਸਫਾਂ ਵੱਲੋਂ ਮੰਗੇ ਜਾਣ ਲੱਗੇ। ਅਜਿਹੇ ਹਾਲਾਤਾਂ ਵਿੱਚ ਨਿਰੰਜਨ ਸਿੰਘ ਨੂੰ ਅਲਵਿਦਾ ਕਹਿਣਾ ਪਿਆ, ਪਰ ਈਡੀ ਦਾ ਡਿਪਟੀ ਡਾਇਰੈਕਟਰ ਰਿਹਾ ਨਿਰੰਜਨ ਸਿੰਘ ਵੀ ਕੇਹੜਾ ਕੱਚੀਆਂ ਗੋਲੀਆਂ ਖੇਡਿਆ ਹੋਇਆ ਹੈ, ਉਹ ਵੀ ਪਾਰਟੀ ਛੱਡ ਕੇ ਜਾਣ ਲੱਗਿਆ ਆਪਣੇ ਅਸਤੀਫੇ ਰਾਹੀਂ ਅਜਿਹੀ ਘਤਿੱਤ ਕਰ ਗਿਆ, ਜਿਸ ਨਾਲ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦੀ ਲੀਡਰਸ਼ਿਪ ਲਈ ਸਥਿਤੀ ਸੱਪ ਦੇ ਮੂੰਹ ਕਿਰਲੀ ਵਾਲੀ ਹੋ ਗਈ ਹੈ, ਕਿਉਂਕਿ ਵਾਰਸ ਪੰਜਾਬ ਦੀ ਲੀਡਰਸ਼ਿਪ ਨਾ ਤਾਂ ਖਾਲਿਸਤਾਨ ਜਾਂ ਸਿੱਖ ਰਾਜ ਦੀ ਗੱਲ ‘ਤੇ ਪਹਿਰਾ ਦੇ ਸਕਦੀ ਹੈ ਅਤੇ ਨਾ ਹੀ ਨਿਰੰਜਨ ਸਿੰਘ ਵਾਂਗੂੰ ਸੱਚੇ ਰਾਸਟਰਵਾਦੀ ਬਣ ਕੇ ਆਪਣਾ ਆਚਰਨ ਭਾਰਤ ਦੇ ਸੰਵਿਧਾਨ ਵਿੱਚ ਢਾਲਣ ਦੀ ਗੱਲ ਕਰ ਸਕਦੀ ਹੈ। ਗੌਰਤਲਬ ਹੈ ਕਿ ਨਿਰੰਜਨ ਵਿੱਚ ਆਪਣੇ ਅਸਤੀਫੇ ਵਿਚ ਲਿਖਦਾ ਹੈ ਕਿ
“ਮੈਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਤੋਂ ਆਪਣੇ ਆਪ ਨੂੰ ਅਲੱਗ ਕਰਦਾ ਹਾਂ। ਮੈਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਆਪਣਾ ਸਮਰਥਨ ਦਿੱਤਾ ਸੀ। ਪਰ ਕੁਝ ਅਜਿਹੇ ਮੁੱਦਿਆਂ ’ਤੇ ਮੇਰੇ ਮਤਭੇਦ ਹਨ ਜੋ ਮੇਰੇ ਲਈ ਗੈਰ-ਸਮਝੌਤਾਯੋਗ ਹਨ। ਜਨਤਕ ਜੀਵਨ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਆਚਰਨ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਮੈਂ ਉਨ੍ਹਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।— ਨਿਰੰਜਨ ਸਿੰਘ, ਡਿਪਟੀ ਡਾਇਰੈਕਟਰ, ਈ.ਡੀ., ਸੇਵਾਮੁਕਤ”
ਇਸ ਤਰ੍ਹਾਂ ਨਿਰੰਜਨ ਸਿੰਘ ਸਿਰਫ ਪੰਜ ਦਿਨ ਪਾਰਟੀ ਵਿੱਚ ਰਹਿ ਕੇ ਪਾਰਟੀ ਦਾ ਜੋ ਨੁਕਸਾਨ ਕਰ ਗਿਆ ਹੈ, ਭਾਵੇਂ ਅਜੇ ਉਹ ਸਿੱਧੇ ਰੂਪ ਵਿੱਚ ਸਮਝ ਵਿੱਚ ਆਵੇ ਜਾਂ ਨਾ ਆਵੇ, ਪਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਲੀਡਰਸ਼ਿਪ ਇਹਨਾਂ ਚੋਣਾਂ ਦਾ ਲੇਖਾ ਜੋਖਾ ਕਰੇਗੀ ਤਾਂ ਇਹ ਗੱਲ ਸਹਿਜ ਹੀ ਸਮਝ ਵਿੱਚ ਆ ਜਾਵੇਗੀ ਕਿ ਨਿਰੰਜਨ ਸਿੰਘ ਕੇਹੜੀ ਸ਼ਤਰੰਜੀ ਚਾਲ ਚੱਲ ਗਿਆ। ਉਸ ਦੇ ਅਸਤੀਫੇ ਵਿੱਚ ਲਿਖੀ ਇਬਾਰਤ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਵੱਡੇ ਵਰਗ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਭਵਿੱਖ ਵਿੱਚ ਖਾਸ ਕਰਕੇ ਵਿਧਾਨ ਸਭਾ ਚੋਣਾਂ ਤੱਕ ਇਹ ਨਿਰੰਜਨ ਸਿੰਘ ਹੋਰੀਂ ਆਪਣੇ ਇਸੇ ਮਿਸ਼ਨ ‘ਤੇ ਲੱਗੇ ਰਹਿਣਗੇ, ਮੇਰੇ ਕਹਿਣ ਦਾ ਭਾਵ ਕਿ ਨਿਰੰਜਨ ਸਿੰਘ ਇਹੋ ਜਿਹੀ ਬਿਆਨਬਾਜੀ ਕਰਦਾ ਰਹੇਗਾ, ਜਿਸ ਨਾਲ ਇੱਕ ਖਾਸ ਫਿਰਕੇ ਦੇ ਲੋਕਾਂ ਵਿੱਚ ਪਾਰਟੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕਰਦਾ ਰਹੇਗਾ। ਦਰਅਸਲ ਇਹੋ ਜਿਹੇ ਬਹੁਤ ਸਾਰੇ ਬੰਦੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜੋ ਸਿਰਫ ਸੱਤਾ ਸੁਖ ਮਾਨਣ ਲਈ ਆ ਰਹੇ ਹਨ, ਖ਼ੁਦਾ ਨਾ ਖਾਸਤਾ ਅਸੀਂ ਸਰਕਾਰ ਬਣਾਉਣ ਵਿੱਚ ਸਫਲ ਨਹੀਂ ਹੁੰਦੇ ਤਾਂ ਉਹ ਸਾਰੇ ਅਸਤੀਫੇ ਵੀ ਦੇ ਜਾਣਗੇ ਅਤੇ ਨਿਰੰਜਨ ਸਿੰਘ ਵਾਂਗੂੰ ਹੀ ਸਾਨੂੰ ਬਦਨਾਮ ਵੀ ਕਰਨਗੇ। ਇਸ ਲਈ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਲੀਡਰਸ਼ਿਪ ਲਈ ਅਜੇ ਵੀ ਵਿਚਾਰਨ ਦਾ ਵੇਲਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਮ ਨੂੰ ਪਾਉਣੀਆਂ ਹਨ, ਇਹ ਇਧਰੋਂ ਉਧਰੋਂ ਕਬਾੜ ਇਕੱਠਾ ਕਰਨ ਨਾਲ ਉਹਨਾਂ ਦੀ ਪਾਰਟੀ ਨੂੰ ਫਾਇਦਾ ਨਹੀਂ, ਸਗੋਂ ਨੁਕਸਾਨ ਹੀ ਹੋਵੇਗਾ।
ਮੋਬਾਇਲ ਨੰਬਰ : 98764-16009


