ਜਗਸੀਰ ਸਿੰਘ ਸੰਧੂ
ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ (ਮਧੂ ਸੂਦਨ) ’ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੈਡ ਸੰਧੂ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ।
ਮੁੱਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਵਿੱਚ ਵਾਪਰੀ। ਗੋਲੀਬਾਰੀ ਦੇ ਕਾਰਨਾਂ ਅਤੇ ਹਮਲਾਵਰਾਂ ਸਬੰਧੀ ਫਿਲਹਾਲ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਸੂਤਰ ਦੱਸਦੇ ਨੇ ਕਿ, ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਘਟਨਾ ਸਥਾਨ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ, ਤਾਂ ਜੋ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ।
ਇਥੇ ਵਰਨਣਯੋਗ ਹੈ ਕਿ 27 ਅਪ੍ਰੈਲ 2025 ਨੂੰ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵੀਨਿਊ ਦੇ ਰੋਜ਼ ਗਾਰਡਨ ਵਿੱਚ Pride Parade ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸਮਾਗਮ ਦਾ ਸਿੱਖ ਜਥੇਬੰਦੀਆਂ ਅਤੇ ਕੁਝ ਹੋਰ ਧਿਰਾਂ ਵੱਲੋਂ ਤਿੱਖਾ ਵਿਰੋਧ ਹੋਇਆ। ਵਿਰੋਧ ਦਾ ਮੁੱਖ ਤਰਕ ਇਹ ਸੀ ਕਿ ਅੰਮ੍ਰਿਤਸਰ ਸਿੱਖ ਧਰਮ ਦਾ ਪਵਿੱਤਰ ਸ਼ਹਿਰ ਹੈ ਅਤੇ ਇਸ ਥਾਂ ਅਜਿਹੀ ਪਰੇਡ ਨਹੀਂ ਹੋਣੀ ਚਾਹੀਦੀ। ਇਸ ਪਰੇਡ ਨੂੰ ਕਰਵਾਉਣ ਵਾਲੇ ਪ੍ਰਬੰਧਕਾਂ ਵਿੱਚ ਮੈਡ ਸੰਧੂ ਦਾ ਅਹਿਮ ਰੋਲ ਦੱਸਿਆ ਜਾਂਦਾ ਸੀ। ਸਿੱਖ ਭਾਈਚਾਰੇ ਦੇ ਵਿਰੋਧ ਦੇ ਚਲਦਿਆਂ ਪ੍ਰਬੰਧਕਾਂ ਨੇ ਵਿਰੋਧ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਮੁੱਖ ਕਾਰਨ ਦੱਸਦਿਆਂ ਪਰੇਡ ਰੱਦ ਕਰ ਦਿੱਤੀ ਸੀ। ਇਸ ਤੋਂ ਇਲਾਵਾ ਮੈਡ ਸੰਧੂ ਨਾਲ ਭਾਵੇਂ ਹੋਰ ਵੀ ਕਈ ਵਿਵਾਦ ਜੁੜੇ ਰਹੇ, ਪਰ ਮੈਡ ਸੰਧੂ ਵੱਲੋਂ ਥਾਰ ਗੱਡੀ ਨਾਲ ਫੋਟੋ ਵਾਲੀ ਪਾਈ ਪੋਸਟ ਕਾਫੀ ਚਰਚਾ ਵਿੱਚ ਰਹੀ ਹੈ ਕਿ ਮੈਡ ਸੰਧੂ ਵੱਲੋਂ ਇਹ ਫੋਟੋ ਪਾਉਣ ਕਰਕੇ ਥਾਰ ਗੱਡੀ ਦੀ ਵਿਕਰੀ ਵਿੱਚ ਵੀ ਫਰਕ ਪਿਆ ਹੈ।