ਜਗਸੀਰ ਸਿੰਘ ਸੰਧੂ
ਬਰਨਾਲਾ ਖੇਤਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਨਾਬਾਲਿਗ ਵਿਦਿਆਰਥਣਾਂ ਨਾਲ ਸਰੀਰਕ ਛੇੜਛਾੜ ਕਰਨ ਦੀ ਅਤਿ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅੰਦਰੇ ਅੰਦਰ ਦਬਾ ਲਿਆ ਗਿਆ ਹੈ। ਪ੍ਰਸਿੱਧ ਆਰ.ਟੀ.ਆਈ ਅਤੇ ਸੋਸ਼ਲ ਐਕਟੀਵਿਟਸਟ ਪਰਵਿੰਦਰ ਸਿੰਘ ਕਿਤਨਾ ਵੱਲੋਂ ਡੀ.ਆਈ.ਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਅਤੇ ਐਸ.ਐਸ.ਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਨਾਮ ਭੇਜੀ ਇੱਕ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਬਰਨਾਲਾ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਡੈਪੂਟੇਸ਼ਨ ‘ਤੇ ਆਏ ਇੱਕ ਕਅਧਿਆਪਕ ਵੱਲੋਂ ਸਕੂਲ ਦੀਆਂ ਕੁੱਝ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਗਈ ਹੈ।

ਪਰਵਿੰਦਰ ਸਿੰਘ ਕਿਤਨਾ ਨੇ ਲਿਖਤੀ ਰੂਪ ਵਿੱਚ ਭੇਜੀ ਆਪਣੀ ਸ਼ਿਕਾਇਤ ਅੰਦਰ ਲਿਖਿਆ ਹੈ ਕਿ ਉਕਤ ਸਕੂਲ ਦੀਆਂ ਪੰਜ-ਸੱਤ ਵਿਦਿਆਰਥਣਾਂ ਨੇ ਤਾਂ ਪੁਲਿਸ ਕੋਲ ਵੀ ਇਸ ਸਬੰਧੀ ਬਕਾਇਦਾ ਬਿਆਨ ਵੀ ਦਰਜ ਕਰਵਾਏ, ਪਰ ਪੁਲਿਸ ਨੇ ਇਸ ਮਾਮਲੇ ‘ਤੇ ਬਣਦੀ ਕਾਰਵਾਈ ਕਰਨ ਦੀ ਬਿਜਾਏ ਕੁੱਝ ਲੈਣ ਕਰਵਾਕੇ ਇਸ ਮਾਮਲੇ ਵਿੱਚ ਸਮਝੌਤਾ ਕਰਵਾ ਦਿੱਤਾ ਹੈ। ਪਰਵਿੰਦਰ ਸਿੰਘ ਕਿਤਨਾ ਨੇ ਮੰਗ ਕੀਤੀ ਹੈ ਕਿ ਨਾਬਾਲਗ ਵਿਦਿਆਰਥਣਾਂ ਨਾਲ ਸਰੀਰਕ ਛੇੜਛਾੜ ਕਰਨ ਵਾਲੇ ਉਕਤ ਅਧਿਆਪਕ ‘ਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਮਾਮਲੇ ਨੂੰ ਦਬਾਉਣ ਅਤੇ ਰਫਾ ਦਫਾ ਕਰਨ ਵਾਲੇ ਪੁਲਿਸ ਅਧਿਕਾਰੀ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


