ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਸਿਆਸਤ ਦਾ ਚਲਦਾ ਫਿਰਦਾ ਮਹਾਨ ਕੋਸ਼ ਸਾਥੋਂ ਸਦਾ ਖੁਸ ਗਿਆ
ਜਗਸੀਰ ਸਿੰਘ ਸੰਧੂ
ਉਘੇ ਸਿੱਖ ਆਗੂ, ਚਿੰਤਕ ਅਤੇ ਲੇਖਕ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਦੇ ਅਕਾਲ ਚਲਾਣੇ ਦੀ ਖਬਰ ਨੇ ਪੰਥਕ ਹਲਕਿਆਂ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। । ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਦਾ ਰਾਜਨੀਤਕ ਜੀਵਨ ਵੀ ਪੰਥ ਪ੍ਰਸਤੀ ਨਾਲ ਭਰਿਆ ਰਿਹਾ, ਜਦੋਂਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਕਲਮ ਰਾਹੀਂ ਪੰਥ ਦੀ ਬਹੁਤ ਸੇਵਾ ਕੀਤੀ। ਉਹਨਾਂ ਦੇ ਆਰਟੀਕਲ ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਸਪੋਕਸਮੈਨ ਅਤੇ ਪਹਿਰੇਦਾਰ ਹੋਰ ਬਹੁਤ ਬਾਰੇ ਅਖਬਾਰਾਂ ਵਿੱਚ ਛਪਦੇ ਰਹੇ। ਰੋਜ਼ਾਨਾ ਪਹਿਰੇਦਾਰ ਦੇ ਬਾਨੀ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਜਿਸ ਤਰ੍ਹਾਂ ਹੱਕ ਸੱਚ ਦੇ ਪਹਿਰੇਦਾਰ ਦੀ ਸੰਪਾਦਕੀ ਦਾ ਕਾਰਜ ਭਾਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਆਪਣੇ ਕਲਮ ਨਾਲ ਸਾਂਭ ਲਿਆ ਸੀ, ਉਸ ਨਾਲ ਕਿਸੇ ਹੱਦ ਤੱਕ ‘ਹੇਰਾਂ ਭਾਅ ਜੀ’ ਦੀ ਘਾਟ ਨੂੰ ਪੂਰਿਆ ਜਾ ਰਿਹਾ ਸੀ। ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਵੀ ਸ੍ਰ: ਜਸਪਾਲ ਸਿੰਘ ਹੇਰਾਂ ਦੀ ਤਰ੍ਹਾਂ ਹੀ ਸਿੱਖ ਕੌਮ ’ਤੇ ਹੋ ਰਹੇ ਸਿਧਾਂਤਕ ਹਮਲਿਆਂ ਦਾ ਆਪਣੀ ਕਲਮ ਨਾਲ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਜਥੇਦਾਰ ਧਨੌਲਾ ਦੀਆਂ ਸੰਪਾਦਕੀਆਂ ਵਿੱਚੋਂ ਸ੍ਰ: ਹੇਰਾਂ ਦੀ ਕਲਮ ਦਾ ਝਲਕਾਰਾ ਪੈਣ ਲੱਗਿਆ ਸੀ। ਹਰ ਪੰਥਕ ਮਸਲੇ ’ਤੇ ਜਥੇਦਾਰ ਧਨੌਲਾ ਨੇ ਬੜੀ ਬੇਵਾਕੀ ਨਾਲ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ ਸੀ। ਜਥੇਦਾਰ ਧਨੌਲਾ ਵੀ ਆਪਣੀਆਂ ਸੰਪਾਦਕੀਆਂ ਅਤੇ ਲੇਖਾਂ ਵਿੱਚ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਸੁਝਾਅ ਵੀ ਦਿੰਦੇ ਸਨ। ਭਾਵੇਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਗੱਲ ਹੋਵੇ ਅਤੇ ਭਾਵੇਂ ਆਰ.ਐੱਸ.ਐੱਸ ਵੱਲੋਂ ਸਿੱਖ ਸੰਸਥਾਵਾਂ ਅਤੇ ਪ੍ਰੰਪਰਾਵਾਂ ਉਪਰ ਕੀਤੇ ਹਮਲੇ ਦੀ ਗੱਲ ਹੋਵੇ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਦੀ ਗੱਲ ਹੋਵੇ, ਜਥੇਦਾਰ ਧਨੌਲਾ ਨੇ ਹਰ ਸਮੇਂ ਆਪਣੀ ਕਲਮ ਨਾਲ ਉਸਦਾ ਢੁੱਕਵਾਂ ਜਵਾਬ ਦਿੱਤਾ। ਜਥੇਦਾਰ ਧਨੌਲਾ ਜਿਥੇ ਉਚ ਕੋਟੀ ਦੇ ਲੇਖਕ ਸਨ, ਉਥੇ ਬਹੁਤ ਹੀ ਕਮਾਲ ਦੇ ਬੁਲਾਰੇ ਵੀ ਸਨ। ਉਹਨਾਂ ਦੀਆਂ ਤਕਰੀਰਾਂ ਨੂੰ ਸਰੋਤੇ ਸਾਹ ਰੋਕ ਕੇ ਸੁਣਦੇ ਹਨ। ਵੀਹਵੀਂ ਸਦੀ ਦੇ ਮਹਾਨ ਸਿੱਖ ਸਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ ਮਾਣਨ ਵਾਲੇ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਸੰਤ ਹਰਚੰਦ ਸਿੰਘ ਲੌਂਗੋਵਾਲ, ਸ੍ਰ: ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ: ਸਿਮਰਨਜੀਤ ਸਿੰਘ ਮਾਨ, ਸ੍ਰ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਜਿਥੇ ਪੰਜਾਬ ਦੇ ਹੋਰ ਵੱਡੇ ਆਗੂਆਂ ਦਾ ਸਾਥ ਮਾਣਿਆ, ਉਥੇ ਹੀ ਸਾਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਸਮੇਤ ਕਈ ਵੱਡੇ ਕੌਮੀ ਆਗੂਆਂ ਨਾਲ ਵੀ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਦੀ ਬਹੁਤ ਨੇੜਤਾ ਰਹੀ। ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਸਿਆਸਤ ਬਾਰੇ ਜਥੇਦਾਰ ਧਨੌਲਾ ਭਰਪੂਰ ਜਾਣਕਾਰੀ ਰੱਖਦੇ ਸਨ। ਪਿਛਲੇ ਲੰਬੇ ਸਮੇਂ ਤੋਂ ਇੱਕ ਨਾ ਮੁਰਾਦ ਬਿਮਾਰੀ ਨੇ ਜਥੇਦਾਰ ਧਨੌਲਾ ਨੂੰ ਅਜਿਹਾ ਘੇਰਿਆ ਹੋਇਆ ਸੀ, ਕਿ ਲੱਖ ਯਤਨ ਅਤੇ ਇਲਾਜ ਕਰਵਾਉਣ ਦੇ ਬਾਵਜੂਦ ਉਹਨਾਂ ਦੀ ਸਿਹਤ ਵੀ ਸ੍ਰ: ਹੇਰਾਂ ਵਾਂਗ ਹੀ ਦਿਨੋਂ ਦਿਨ ਡਿਗਦੀ ਗਈ ਅਤੇ ਅਖੀਰ 12 ਦਸੰਬਰ 2025 ਨੂੰ ਅੰਮ੍ਰਿਤ ਵੇਲੇ ਉਹ ਪ੍ਰਮਾਤਮਾ ਵੱਲੋਂ ਬਖਸ਼ੀ ਸਵਾਂਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਗੁਰਪੁਰੀ ਪਿਆਨਾ ਕਰ ਗਏ। ਉਹਨਾਂ ਦੇ ਅਕਾਲ ਚਲਾਣੇ ਨਾਲ ਅੱਜ ਜਿਥੇ ਇੱਕ ਪੰਥ ਚਿੰਤਕ ਉਘਾ ਲੇਖਕ ਅਤੇ ਸਿੱਖ ਆਗੂ ਸਾਥੋਂ ਸਦਾ ਲਈ ਖੁਸ ਗਿਆ ਹੈ, ਉਥੇ ਅਸੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਸਿਆਸਤ ਦੇ ਚੱਲਦੇ ਫਿਰਦੇ ਮਹਾਨ ਕੋਸ਼ ਤੋਂ ਵੀ ਵਾਂਝੇ ਹੋ ਗਏ ਹਾਂ।


