ਵਿਰਸਾ ਸਿੰਘ ਵਲਟੋਹਾ ਦੀ ਮੰਗ ‘ਤੇ ਵਿਡੀਓਗ੍ਰਾਫੀ ਵੀ ਹੋਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕੀਤੀ
ਜਗਸੀਰ ਸਿੰਘ ਸੰਧੂ
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਬੁਲਾਇਆ ਹੈ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇੱਕ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ ਹਾਜ਼ਰ ਹੋਣਗੇ, ਪਰ ਨਾਲ ਹੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਸਮੇਂ ਲਾਇਵ ਟੈਲੀਕਾਸਟ ਕਰਨ ਦੀ ਅਪੀਲ ਵੀ ਕਰ ਦਿੱਤੀ ਹੈ। ਇਸ ਨਾਲ ਇਹ ਬਹਿਸ ਸੁਰੂ ਹੋ ਗਈ ਹੈ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿਸੇ ਮੋਨੇ ਵਿਅਕਤੀ ਨੂੰ ਤਲਬ ਕੀਤਾ ਜਾ ਸਕਦਾ ਹੈ ? ਕੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪੇੇਸ਼ ਹੋਣ ਸਮੇਂ ਵਿਡੀਓਗ੍ਰਾਫੀ ਜਾਂ ਲਾਇਵ ਟੈਲੀਕਾਸਟ ਕੀਤਾ ਜਾ ਸਕਦਾ ਹੈ ? ਇਸ ਚੱਲ ਰਹੀ ਬਹਿਸ ਦੌਰਾਨ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਇਹ ਸ਼ਰਤ ਰੱਖੀ ਗਈ ਸੀ ਕਿ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਤੱਤਕਾਲੀ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਸਦੀ ਵਿਡੀਓਗ੍ਰਾਫੀ ਕੀਤੀ ਜਾਵੇ। ਉਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈ.ਟੀ ਵਿੰਗ ਵੱਲੋਂ ਉਥੇ ਕੈਮਰਾ ਲਗਾਇਆ ਗਿਆ ਸੀ, ਪਰ ਬਾਅਦ ਤੱਤਕਾਲੀ ਜਥੇਦਾਰਾਂ ਵੱਲੋਂ ਉਸ ਵਿਡੀਓ ਰਿਕਾਰਡਿੰਗ ਨੂੰ ਡਿਲੀਟ ਕਰਵਾਉਣ ਦੀ ਕੋਸਿ਼ਸ ਵੀ ਕੀਤੀ ਗਈ, ਜਦੋਂਕਿ ਉਸ ਤੱਕ ਉਸ ਰਿਕਾਰਡਿੰਗ ਦੀਆਂ ਕਾਪੀਆਂ ਕਰਕੇ ਵਿਰਸਾ ਸਿੰਘ ਵਲਟੋਹਾ ਹੋਰਾਂ ਤੱਕ ਪੁਜ ਗਈਆਂ, ਜਿਹਨਾਂ ਵਿੱਚੋਂ ਕਈ ਕਲਿੱਪ ਕੱਟ ਕੇ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤੇ ਗਏ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਵਿਡੀਓਗ੍ਰਾਫੀ ਜਾਂ ਟੈਲੀਕਾਸਟ ਕਰਨ ਦੀ ਮੰਗ ਕੀਤੀ ਗਈ ਤਾਂ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਇਸ ਦਾ ਵਿਰੋਧ ਕਰ ਰਹੇ ਹਨ, ਜੋ ਵਿਰਸਾ ਸਿੰਘ ਵਲਟੋਹਾ ਮੌਕੇ ਵਿਡੀਓਗ੍ਰਾਫੀ ਵਾਲੀ ਮੰਗ ਅਤੇ ਵਿਡੀਓ ਸੋਸਲ ਮੀਡੀਆ ‘ਤੇ ਵਾਇਰਲ ਕਰਨ ਸਮੇਂ ਬਿਲਕੁੱਲ ਖਾਮੋਸ਼ ਰਹੇ ਸਨ।


