ਜਗਸੀਰ ਸਿੰਘ ਸੰਧੂ
ਪੰਜਾਬੀ ਦੀ ਕਹਾਵਤ ਹੈੈ ਕਿ ਗਏ ਸੀ ਨਮਾਜ਼ ਬਖਸਾਉਣ, ਉਲਟੇ ਰੋਜ਼ੇ ਗਲ ਪੈ ਗਏ” ਉਸ ਤਰ੍ਹਾਂ ਦਾ ਵਰਤਾਰਾ ਬਰਨਾਲਾ ਦੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਨਾਲ ਵਾਪਰਿਆ ਹੈ। ਬੀਤੇ ਦਿਨੀਂ ਕੁਲਵੰਤ ਸਿੰਘ ਕੀਤੂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨੂੰ ਨਾਲ ਲਿਜਾ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਟਿਕਟ ਅਨਾਊਂਸ ਕਰਵਾਉਣ ਦੀ ਕੋਸਿ਼ਸ ਕੀਤੀ ਗਈ, ਪਰ ਅੱਗੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਲਵੰਤ ਸਿੰਘ ਕੀਤੂ ਦੇ ਮੋਢੇ ‘ਤੇ ਹੱਥ ਧਰਕੇ ਕਹਿ’ਤਾ ਕਿ “ਬਰਨਾਲੇ ਵਾਲਿਓ ! ਮੈਰਿਟ ਦੇ ਆਧਾਰ ‘ਤੇ ਹੱਕ ਤਾਂ ਇਸੇ ਦਾ ਹੀ ਬਣਦਾ, ਪਰ ਬਰਨਾਲਾ ਸੰਗਰੂਰ ‘ਚ ਆਮ ਆਦਮੀ ਪਾਰਟੀ ਨਾਮ ਦੀ ਬਿਮਾਰੀ ਬਹੁਤ ਜਿਆਦਾ ਫੈਲੀ ਹੋਈ ਹੈ, ਇਸ ਬਿਮਾਰੀ ਨੇ ਝਾੜ ਬਹੁਤ ਘਟਾ’ਤਾ, ਇਹ ਬਿਮਾਰੀ ਇਥੋਂ ਸਾਰੇ ਪੰਜਾਬ ‘ਚ ਫੈਲ’ਗੀ, ਇਸ ਕਰਕੇ ਹੁਣ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਸਾਨੂੰ ਕੋਈ ਤਕੜੀ ਸਪਰੇਅ ਲੱਭਣੀ ਪੈਣੀ ਹੈ” ਇਹ ਸੁਣਕੇ ਕੁਲਵੰਤ ਸਿੰਘ ਕੀਤੂ ਦੇ ਨਾਲ ਗਏ ਸਮਰਥਕਾਂ ਨੇ ਇੱਕ ਵਾਰ ਤਾਂ ਜੈਕਾਰੇ ਛੱਡ ਦਿੱਤੇ, ਪਰ ਮਗਰੋਂ ਸਾਰੇ ਸੋਚੀਂ ਪੈ ਗਏ ਕਿ ਪ੍ਰਧਾਨ ਜੀ ਨੇ ਕਿਤੇ ਇਹ ਤਕੜੀ ਸਪਰੇਅ ਗੁਰਦੀਪ ਬਾਠ ਦੀ ਦੁਕਾਨ ਜਾਂ ਅਰਵਿੰਦ ਖੰਨਾ ਦੀ ਫੈਕਟਰੀ ਤੋਂ ਖਰੀਦਣ ਦੀ ਗੱਲ ਤਾਂ ਨਹੀਂ ਕਰ ਦਿੱਤੀ।


