ਜਗਸੀਰ ਸਿੰਘ ਸੰਧੂ
ਜਿਉਂ-ਜਿਉਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਰਾਜਨੀਤਿਕ ਪਾਰਟੀਆਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਨਵੇਂ ਰਾਜਸੀ ਸਮੀਕਰਨ ਫਿਟ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੁਬਾਰਾ ਹੋਣ ਆਸਾਰ ਬਣਦੇ ਜਾ ਰਹੇ ਹਨ, ਉਥੇ ਰਾਜਨੀਤਿਕ ਆਗੂਆਂ ਵੱਲੋਂ ਆਪਣੇ ਉਹਨਾਂ ਵਿਧਾਨ ਸਭਾ ਹਲਕਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ, ਜਿਥੋਂ ਉਹਨਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਹਨ। ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਈ ਉਮੀਦਵਾਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵੱਲੋਂ ਆਪਣੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੱਗੇ ਬਰਨਾਲਾ ਦੇ ਅਕਾਲੀ ਵਰਕਰਾਂ ਦੀ ਪਰੇਡ ਕਰਵਾਈ ਗਈ ਸੀ, ਪਰ ਸੁਖਬੀਰ ਸਿੰਘ ਬਾਦਲ ਨੇ ਅੱਗੋਂ ਇਹ ਆਖ ਦਿੱਤਾ ਗਿਆ ਕਿ ਭਾਵੇਂ ਹਲਕਾ ਬਰਨਾਲਾ ‘ਤੇ ਪਹਿਲਾਂ ਹੱਕ ਕੁਲਵੰਤ ਸਿੰਘ ਕੀਤੂ ਦਾ ਬਣਦਾ ਹੈ, ਪਰ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੀ ਬਿਮਾਰੀ ਬਹੁਤੀ ਫੈਲੀ ਹੋਈ ਹੈ, ਇਸ ਕਰਕੇ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਿਸੇ ਤਕੜੀ ਦਵਾਈ ਦੀ ਸਪਰੇਅ ਕਰਨੀ ਪੈਣੀ ਹੈ”। ਸੋ ਸੁਖਬੀਰ ਸਿੰਘ ਬਾਦਲ ਦੇ ਇਸ ਇਸ਼ਾਰੇ ਨੂੰ ਸਮਝਦਿਆਂ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਗੁਰਦੀਪ ਸਿੰਘ ਬਾਠ ਨੇ ਕਮਰਕਸੇ ਕਰ ਲਏ ਹਨ। ਜ਼ਿਮਨੀ ਚੋਣ ਦੌਰਾਨ ਬਰਨਾਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ 18 ਹਜ਼ਾਰ ਵੋਟਾਂ ਪ੍ਰਾਪਤ ਕਰਨ ਵਾਲੇ ਗੁਰਦੀਪ ਸਿੰਘ ਬਾਠ ਨੇ ਵੀ ਨੀਲੀ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਇਸ ਸਮੇਂ ਦਾਅਵੇ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਹੋਣ ਦੀ ਸੂਰਤ ਵਿੱਚ ਬਰਨਾਲਾ ਸੀਟ ਕੇਹੜੀ ਪਾਰਟੀ ਦੇ ਹਿੱਸੇ ਆਵੇਗੀ, ਪਰ ਗੁਰਦੀਪ ਸਿੰਘ ਬਾਠ ਦੇ ਸਿਰ ‘ਤੇ ਨੀਲੀ ਦਸਤਾਰ ਇਹ ਜ਼ਰੂਰ ਸੰਕੇਤ ਦੇ ਰਹੀ ਹੈ ਕਿ ਉਹ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਦਾਅਵੇਦਾਰ ਬਣਨ ਜਾ ਰਹੇ ਹਨ।